ajay bhardwaj and yadwinder karfew

ਅਜੈ ਭਾਰਦਵਾਜ ਤੇ ਯਾਦਵਿੰਦਰ ਕਰਫਿਊ

ਸਦੀਵੀ ਅਰਥਾਂ ਵਾਲੀ ਕਲਾ ਮਨੁੱਖੀ ਸੱਭਿਅਤਾ ਦੇ ਕਲਾਤਮਿਕ ਇਤਿਹਾਸ ਦੀ ਨੀਂਹ ਮਜ਼ਬੂਤ ਕਰਦੀ ਹੈ। ਫ਼ਿਲਮਸਾਜ਼ ਅਜੈ ਭਾਰਦਵਾਜ ਆਪਣੀਆਂ ਫ਼ਿਲਮਾਂ ‘ਕਿਤੇ ਮਿਲ ਵੇ ਮਾਹੀ’, ‘ਰੱਬਾ ਹੁਣ ਕੀ ਕਰੀਏ’ ਅਤੇ ‘ਮਿਲਾਂਗੇ ਬਾਬੇ ਰਤਨ ਦੇ ਮੇਲੇ ‘ਤੇ’ ਦੇ ਜ਼ਰੀਏ ਪੰਜਾਬ ਨੂੰ ਸਦੀਵੀ ਪ੍ਰਸੰਗਿਕਤਾ ਵਾਲੀ ਕਲਾ ਨਾਲ ਜੋੜਦਾ ਹੈ। ਇਹ ਫਿਲਮਾਂ 1947 ਦੀ ਵੰਡ ਤੇ ਸੂਫੀਵਾਦ ਦੇ ਹਵਾਲੇ ਨਾਲ ਪੰਜਾਬ ਦੇ ਸਾਂਝੇ ਸੱਭਿਆਚਾਰ ਦੀਆਂ ਜੜ੍ਹਾਂ ਲੱਭਦੀਆਂ ਹਨ।

ਇਹ ਦਰਸ਼ਕ ਦੀ ਸਾਂਝ ‘ਜੋੜਨ ਵਾਲੇ ਫਲਸਫੇ’ ਨਾਲ ਪਵਾਉਂਦੀਆਂ ਹਨ ਅਤੇ ਗ਼ੈਰ-ਕੁਦਰਤੀ ਸਿਆਸੀ ਪਹੁੰਚ ਨਾਲ ਹੋਣ ਵਾਲੀ ਸਮਾਜਿਕ ਤੇ ਸੱਭਿਆਚਾਰਕ ਤਬਾਹੀ ਬਾਰੇ ਖ਼ਬਰਦਾਰ ਕਰਦੀਆਂ ਹਨ। ਇਸਲਾਮ ਤੇ ਸੂਫੀਵਾਦ ਦੀ ਰੂਹਾਨੀਅਤ ਨਾਲ ਜੋ ਪੰਜਾਬ ਦਾ ਅਤੁੱਟ ਨਾਤਾ ਹੈ, ਇਨਾਂ ਫ਼ਿਲਮਾਂ ਰਾਹੀਂ ਗੂੜ੍ਹਾ ਹੁੰਦਾ ਹੈ ਅਤੇ ਪੰਜਾਬ ਦਾ ਸਾਂਝਾ ਸੱਭਿਆਚਾਰ ਜਸ਼ਨੀ ਅੰਦਾਜ਼ ‘ਚ ਉਘੜਦਾ ਹੈ। ਇਸਲਾਮ ਤੇ ਸੂਫ਼ੀ ਸੰਤਾਂ ਦੀਆਂ ਦਰਗਾਹਾਂ ਮਨੁੱਖੀ ਸਾਂਝਾਂ ਦੀ ਗਵਾਹ ਬਣ ਕੇ ਪੇਸ਼ ਹੁੰਦੀਆਂ ਹਨ।

ਫ਼ਿਲਮਾਂ ਦੇ ਸੰਵਾਦ ਦਾ ਮੁੱਖ ਧੁਰਾ ਸੱਭਿਆਚਾਰ ਹੈ। ਮਾਲਵੇ(ਵੰਡ ਤੋਂ ਪਹਿਲਾਂ) ਦੇ ਮਸ਼ਹੂਰ ਕਵੀਸ਼ਰ ਮਰਹੂਮ ਬਾਬੂ ਰਜਬ ਅਲੀ, ਮਸਕੀਨ ਅਤੇ ਮਰਹੂਮ ਪ੍ਰੋ: ਕਰਮ ਸਿੰਘ ਜਿਹੇ ਲੋਕ ਕਲਾਕਾਰ ਪੰਜਾਬ ਦੀ ਅਮੀਰ ਵਿਰਾਸਤ ਨੂੰ ਕਾਇਨਾਤੀ ਪ੍ਰਸੰਗਾਂ ਨਾਲ ਜੋੜਦੇ ਹਨ ਅਤੇ ਆਪਣੀ ਲੋਕ ਕਲਾ ਰਾਹੀਂ ਹੀ ਸਿਆਸਤ ਦੀ ਤੈਹ ‘ਚ ਪਈ ਅਣਮਨੁੱਖੀ ਖਿੱਚੋਤਾਨ ਨੂੰ ਬੇਨਕਾਬ ਵੀ ਕਰੀ ਜਾਂਦੇ ਹਨ। ਫ਼ਿਲਮਾਂ 1947 ਦੇ ਮਹਾਂ-ਦੁਖਾਂਤ ਤੱਕ ਸੀਮਤ ਨਹੀਂ ਹਨ ਬਲਕਿ ਮਨੁੱਖ ਨੂੰ ਜੱਦ ਵਿਚ ਲੈਣ ਵਾਲੇ ਨਿੱਕੇ-ਵੱਡੇ ਸਾਰੇ ਦੁਖਾਂਤਾਂ ਦੀ ਨਬਜ਼ ਫੜ੍ਹਦੀਆਂ ਹਨ। ਇਨ੍ਹਾਂ ‘ਚ ਮਨੁੱਖੀ ਵਜੂਦ ਦਾ ਕੁਦਰਤੀ ਧੁਰਾ ਫੜਨ ਦਾ ਯਤਨ ਹੈ, ਕਿ ਮਨੁੱਖ ਮਨੁੱਖ ਵਜੋਂ ਖੜਦਾ ਕਿੱਥੇ ਹੈ, ਤੇ ਉਹਨੂੰ ਆਪਣੇ ਅਸਲੇ ਤੋਂ ਤੋੜਨ ਵਾਲੇ ਸੰਦ ਕਿਹੜੇ ਹਨ।

lal singh dilਫਿਲਮਾਂ ਪਾਤਰਾਂ ਤੇ ਵਜੂਦ ਲੱਭਦੀਆਂ ਥਾਵਾਂ ਜ਼ਰੀਏ ਬਿਰਤਾਂਤ ਬੁਣਦੀਆਂ ਹਨ ਤੇ ਮਨੁੱਖ ਅੰਦਰ ਬਹੁਪਰਤੀ,ਬਹੁ-ਭੁਜਾਵੀਂ ਤੇ ਬਹੁਦਿਸ਼ਾਵੀਂ ਅਧਿਐਨ ਤੇ ਸੰਵਾਦ ਦੀ ਸੂਖਮ ਚਿਣਗ ਜਗਾਉਂਦੀਆਂ ਹਨ’। ਇਸ ਤਰ੍ਹਾਂ ਮਨੁੱਖੀ ਅੰਤਰਮੁਖਤਾ ਤੇ ਬਾਹਰਮੁਖਤਾ ਇਕ ਦੂਜੇ ਦੇ ਸਾਹਮਣੇ ਆਣ ਖੜ੍ਹਦੀਆਂ ਹਨ ਤੇ ਇਤਿਹਾਸਕ ਮਹਾਂ-ਦੁਖਾਤਾਂ ਦੀ ਸਹਿਜ ਸਵੈ ਪੜਚੋਲ ਕਰਨ ਲਈ ਕਹਿੰਦੀਆਂ ਹਨ। ਉੱਤਮ ਕਲਾ ਸੰਕੇਤਕ ਤੇ ਚੁੱਪ ਦੀ ਭਾਸ਼ਾ ਰਾਹੀਂ ਮਨੁੱਖੀ ਸੰਵੇਦਨਾ ਨੂੰ ਛੁੰਹਸਦੀ ਹੈ। ਅਜੈ ਦੀ ਫ਼ਿਲਮਸਾਜ਼ੀ ਅਜਿਹੀ ਕਲਾ ਦਾ ਨਮੂਨਾ ਹੈ। ਉਸਨੂੰ ਤਸਵੀਰਾਂ/ਦ੍ਰਿਸ਼ਾ ਨਾਲ ਬਿਰਤਾਂਤ ਸਿਰਜਣ ਵਾਲਾ ਫ਼ਿਲਮਸਾਜ਼ ਕਿਹਾ ਜਾ ਸਕਦਾ ਹੈ’। ਇਨ੍ਹਾਂ ਦਸਤਾਵੇਜ਼ੀ ਫ਼ਿਲਮਾਂ ਦਾ ਫ਼ਿਲਮਾਂਕਣ ਅਜਿਹਾ ਹੈ ਜੋ ਦਰਸ਼ਕ ਦੀਆਂ ਚੇਤ-ਅਚੇਤ ਖੁੰਦਰਾਂ ਦਾ ਲੱਖਣ ਸਾਹਮਣੇ ਆ ਜਾਂਦਾ ਹੈ। ਅਜਿਹੀ ਪੇਸ਼ਕਾਰੀ ਦਸਤਾਵੇਜ਼ੀ ਫਿਲਮਾਂ ਦੀ ਸੀਮਾ ਤੋਂ ਪਾਰ ਕਲਾਤਮਿਕ ਫ਼ਿਲਮਸਾਜ਼ੀ ਦੇ ਘੇਰੇ ਵਿਚ ਆ ਜਾਂਦੀ ਹੈ।

ਫ਼ਿਲਮ ਦਾ ਦ੍ਰਿਸ਼: ‘ਕਾਂ ਦੀ ਪਿੱਛਵਰਤੀ ਅਵਾਜ਼ ਅਜਿਹਾ ਪ੍ਰਭਾਵ ਸਿਰਜਦੀ ਹੈ, ਜਿਵੇਂ ਕਾਂ ਉਜੜੇ ਬਾਬਿਆਂ ਦਾਦਿਆਂ ਨੂੰ ਪਰਤ ਆਉਣ ਲਈ ਕਹਿ ਰਿਹਾ ਹੋਵੇ। ਇਸੇ ਤਰ੍ਹਾਂ ਧੂਣੀ ‘ਚ ਬਲਦੀਆਂ ਪਾਥੀਆਂ, ਦੀਵੇ ਦੀ ਲੋਅ, ਜ਼ੁਲਮ ਦੀਆਂ ਗਵਾਹ ਥਾਵਾਂ ‘ਤੇ ਅੱਗ ਦੇ ਦ੍ਰਿਸ਼, ਆਦਿ, ਸਿਨੇਮਾ ਦੀ ਭਾਸ਼ਾ ਦਾ ਉੱਤਮ ਨਮੂਨਾ ਹਨ। ਇਕ ਦ੍ਰਿਸ਼ ਵਿਚ ਗੁਰਦਆਰੇ ਨੂੰ ਮਸੀਤ ਤੋਂ ਤਿੰਨ ਵਾਰ ਦੂਰ ਹੁੰਦਾ (ਯੂਮ-ਆਉਟ) ਵਿਖਾਇਆ ਗਿਆ ਹੈ। ਸੁਰਤ ਨੂੰ ਜ਼ਖ਼ਮ ਕਰਨ ਵਾਲੇ ਬਿੰਬਾਂ ਦਾ ਅਜਿਹਾ ਬਿਰਤਾਂਤ ਹੀ ਦਰਸ਼ਕਾਂ ‘ਤੇ ਗਹਿਰਾ ਅਸਰ ਛੱਡਦਾ ਹੈ। ਫ਼ਿਲਮਾਂ ਪੰਜਾਬ ਦੀ ਸਥਾਨਿਕਤਾ ਨਾਲ ਮੱਛੀ-ਪਾਣੀ ਵਾਲਾ ਰਿਸ਼ਤਾ ਕਾਇਮ ਕਰਦੀਆਂ ਹਨ ਤੇ ਇਕ ਤਰ੍ਹਾਂ ਸਥਾਨਕਤਾ ਨਾਲ ਆਲਮੀ ਸੰਵਾਦ ਲਈ ਸਪੇਸ ਤਿਆਰ ਕਰਦੀਆਂ ਹਨ।

ਫ਼ਿਲਮ ‘ਮਿਲਾਂਗੇ ਬਾਬੇ ਰਤਨ ਦੇ ਮੇਲੇ ‘ਤੇ’ ਵਿਚ ਮਸਕੀਨ ਜੰਗ ਦੇ ਵਿਰੋਧ ‘ਚ ਅਮਨ ਦਾ ਪਾਠ ਕਰਦਾ ਹੈ, ਜੀਹਦੇ ਨਾਲ ਨੇਸ਼ਨ ਸਟੇਟ ਦੀ ਜੰਗੀ ਸਿਆਸੀ ਆਰਥਿਕਤਾ ਦੇ ਵਿਰੋਧ ‘ਚ ਆਲਮੀ ਅਮਨ ਲਹਿਰ ਦਾ ਪੈਗ਼ਾਮ ਮਜ਼ਬੂਤ ਹੁੰਦਾ ਹੈ। ਫ਼ਿਲਮਾਂ ਮਨੁੱਖ ਨੂੰ ਸਥਾਨਤਕਾ ਨਾਲ ਮੋਹ ਭਰਿਆ ਰਿਸ਼ਤਾ ਬਨਾਉਣ ਲਈ ਪ੍ਰੇਰਦੀਆਂ ਹਨ ਤੇ ਕਹੀ ਜਾਂਦੀ ਆਧੁਨਿਕਤਾ ਸਹਾਰੇ ਦਿਨੋ ਦਿਨੋ ਮਸ਼ੀਨੀ ਹੋ ਰਹੇ ਮਨੁੱਖ ਲਈ ਸੱਭਿਆਚਰਕ ਰੂਹ ਦੀ ਖੁਰਾਕ ਦਾ ਕੰਮ ਕਰਦੀਆਂ ਹਨ। ਇਨ੍ਹਾਂ ਵਿਚ ਠੋਸ ਕਲਾ ਹੈ, ਜੋ ਕਾਇਨਾਤ ਦੀ ਭਰਪੂਰਤਾ ਨਾਲ ਮਨੁੱਖ ਨੂੰ ਆਧੁਨਿਕ ਜ਼ਿੰਦਗੀ ਦੇ ਖਾਲੀਪਣ ਦਾ ਅਹਿਸਾਸ ਕਰਵਾਉਂਦੀ ਕੁਦਰਤੀ ਸੱਭਿਆਚਾਰ ਨਾਲ ਜੁੜਨ ਲਈ ਕਹਿੰਦੀ ਹੈ’। ਇਹ ਫ਼ਿਲਮਾਂ ਮਨੁੱਖ ‘ਚ ਗਰਮ-ਦਲੀ ਪ੍ਰਵਚਨੀ ਕਲਾ ਵਾਂਗ ਵਕਤੀ ਗਰਮੀ ਪੈਦਾ ਨਹੀਂ ਕਰਦੀਆਂ। ਇਹ ਮਨੁੱਖ ਅੰਦਰ ਲੋਕਾਈ, ਪਿਆਰ, ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੀ ਸਦੀਵੀ ਭੁੱਖ ਜਗਾਉਂਦੀਆਂ ਹਨ। ਮਨੁੱਖ ਨੂੰ ਹੰਕਾਰ ਮੁਕਤ ਹੋਣ, ਗਲਤੀ ਕਬੂਲਣ ਤੇ ਮੁਆਫ ਕਰਨ ਦਾ ਬਲ ਬਖਸ਼ਦੀਆਂ ਹਨ। ਇਨ੍ਹਾਂ ਫ਼ਿਲਮਾਂ ਦੀ ਕਲਾਤਮਿਕ ਅਮੀਰੀ ਅਜੈ ਦੀ ਫ਼ਿਲਮਸਾਜ਼ੀ ਨੂੰ ਆਲਮੀ ਪੱਧਰ ਤੱਕ ਪਹੁੰਚਾਉਂਦੀ ਹੈ, ਜਿੱਥੇ ‘ਕਲਾ ਕਲਾ ਲਈ’ ਜਾਂ ‘ਕਲਾ ਲੋਕਾਂ ਲਈ’ ਵਿਚਲਾ ਦੋਫ਼ਾੜ ਮਿੱਟ ਜਾਂਦਾ ਹੈ। ‘ਕਲਾ ਕਲਾ ਲਈ ਵੀ’ ਵੀ ਹੈ ਅਤੇ ‘ਕਲਾ ਮਨੁੱਖਤਾ ਲਈ ਵੀ’ ਹੈ ਦਾ ਮਿਲਵਾਂ ਤਸੱਵਰ ਸਾਹਮਣੇ ਆਉਂਦਾ ਹੈ।

Prof Karam Singh Chauhan along with a fakir at the Sufi Shrine of sain Gulab shah

ਅਜੈ ਦੀ ਫ਼ਿਲਮਸਾਜ਼ੀ ਗਿਆਨ ਦੇ ਕੇਂਦਰੀਕਰਨ ਦੇ ਖ਼ਿਲਾਫ ਹੈ। ਇਹ ਕਲਾ ਨੂੰ ਮਨੁੱਖੀ ਜ਼ਿੰਦਗੀ ਨਾਲ ਅਡੈਂਟੀਫਾਈ ਕਰਦੀ ਹੈ। ਸਨਅੱਤੀ ਤਰਜ਼ ਦੇ ਗਿਆਨੀ ਲਾਣੇ ਤੋਂ ਦੂਰ ਇਹ ਗਿਆਨ ਦੇ ਸੁਭਾਵਕ ਸਰੋਤਾਂ ਤੇ ਜ਼ਿੰਦਗੀ ‘ਚ ਡੁੱਬੇ ਲੋਕਾਂ ਦੀਆਂ ਸਾਦੀਆਂ ਗੱਲਾਂ ਜ਼ਰੀਏ ਦਰਸ਼ਕਾਂ ਨਾਲ ਅਮੀਰ ਸੰਵਾਦ ਰਚਾਉਂਦੀ ਹੈ।ਇਹੀ ਗੱਲ ਅਜੈ ਨੂੰ ਰਵਾਇਤੀ ਦਸਤਾਵੇਜ਼ੀ ਫਿਲਮਸਾਜ਼ੀ ਤੋਂ ਵੱਖਰਾ ਕਰਦੀ ਹੈ। ਅਜੈ ਦਾ ਇਸਲਾਮ ਤੇ ਸੂਫੀਵਾਦ ‘ਤੇ ਕੇਂਦਰਤ ਇਹ ਪ੍ਰਾਜੈਕਟ ਸਾਮਰਾਜੀ ਹੈਜਮਨੀ ਤੇ ਧਾਰਮਿਕ ਫ਼ਾਸ਼ੀਵਾਦ ਨੂੰ ਵੰਗਾਰਦਾ ਹੈ।

ਅੱਜ ਅਮਰੀਕੀ ਸਾਮਰਾਜ ,ਆਰ ਐਸ ਐਸ ਤੇ ਭਾਰਤੀ ਮੀਡੀਆ ‘ਇਸਲਾਮਿਕ ਫੋਬੀਆ’ ਮੁਹਿੰਮ ਮਜ਼ਬੂਤ ਕਰਨ ਦਾ ਜ਼ੋਰ ਲਗਾ ਰਿਹਾ ਹੈ ਤੇ ਅਜੈ ਦੀ ਫਿਲਮਸਾਜ਼ੀ ਦਾ ਪ੍ਰਾਜੈਕਟ ਇਨ੍ਹਾਂ ਗ਼ੈਰ-ਮਨੁੱਖੀ ਮੁਹਾਜ਼ਾ ਦੇ ਖ਼ਿਲਾਫ ਖੜ੍ਹਦਾ ਹੈ। ਅਜੈ ਦੀ ਫ਼ਿਲਮਸਾਜ਼ੀ ਦਾ ਕੋਈ ਤੈਅਸ਼ੁਦਾ ਹਲਕਾ ਨਹੀਂ ਹੈ। ਇਸੇ ਲਈ ਅਜੈ ਦੀ ਕਲਾ ਦਾ ਕੈਨਵੱਸ ਵਸੀਹ ਤੇ ਸਦੀਵੀ ਹੁੰਦਾ ਜਾ ਰਿਹਾ ਹੈ,ਜੋ ਸਬਜੈਕਟਿਵ ਹਾਲਤਾਂ ਦੀ ਜੜ੍ਹ ਫਰੋਲਦੀ ਮਸਲਿਆਂ ਨੂੰ ਉਦੇਸ਼ਆਤਮਿਕਤਾ ਵੱਲ ਲਿਜਾਂਦੀ ਹੈ। ਉਹ ‘ਮਾਨਤਾ ਪ੍ਰਾਪਤ’ ਸੰਸਥਾਗਤ ਸਿਆਸੀ-ਸੱਭਿਆਚਾਰਕ ਹਲਕਿਆਂ ਤੋਂ ਮਾਨਤਾ ਲੈਣ ਦੇ ‘ਚੱਕਰਵਿਊ ਸੱਭਿਆਚਾਰ’ ਦਾ ਸ਼ਿਕਾਰ ਨਹੀਂ ਹੋਇਆ, ਸ਼ਾਇਦ ਇਸੇ ਲਈ ਅਜੇ ਤੱਕ ਉਹਨੂੰ ਬਣਦਾ ਮਾਣ ਸਤਿਕਾਰ ਵੀ ਨਹੀਂ ਮਿਲਿਆ।

qawwal BSB

ਨਿਰਸੰਦੇਹ ਉਹ ਪੰਜਾਬ ਦਾ ਉੱਤਮ ਪਰ ਅਣਗੌਲਿਆ ਫਿਲਮਸਾਜ਼ ਹੈ। ਕਹੇ ਜਾਂਦੇ ਸਿਆਸੀ ਮਹਾਂਰਥੀਆਂ ਨੂੰ ਸ਼ਾਇਦ ਇਹ ਫ਼ਿਲਮਾਂ ਚੰਗੀਆਂ ਨਾ ਲੱਗਣ ਕਿਉਂਕਿ ਇਹ ਸਿਆਸਤ ਨੂੰ ਵਕਤੀ ਆਕਸੀਜਨ ਦੇਣ ਅਤੇ ਕਲਾ-ਸਿਆਸਤ ਦੇ ਗੈਰ ਦਵੰਦਵਾਦੀ ਸੱਭਿਆਚਾਰ ਨੂੰ ਪ੍ਰਫੁੱਲਤ ਨਹੀਂ ਕਰਦੀਆਂ ਸਗੋਂ 90 ਡਿਗਰੀ ਸੱਭਿਆਚਾਰ(ਨੱਕ ਦੀ ਸੇਧ) ਦੇ ਉਲਟ ਪੂਰੇ ਵਰਤਾਰੇ ਨੂੰ 360 ਡਿਗਰੀ’ ਤੋਂ ਸਮਝਦੀਆਂ ਹਨ।

ਅਜੈ ਸਥਾਪਤੀ ਨੂੰ ਵੰਗਾਰਨ ਵਾਲਾ ਫਕੀਰ ਫਿਲਮਸਾਜ਼ ਹੈ।ਫਕੀਰੀ ਓਹਦੀ ਫ਼ਿਲਮਸਾਜ਼ੀ ਦੇ ਅਚੇਤ ‘ਚ ਹੈ।ਇਸੇ ਲਈ ਅਜੈ ਦੀ ਫ਼ਿਲਮ ‘ਮਿਲਾਂਗੇ ਬਾਬੇ ਰਤਨ ਦੇ ਮੇਲੇ ‘ਤੇ’ ਦੇ ਆਖਰੀ ਦ੍ਰਿਸ਼ਾਂ ਦਾ ਇਕ ਪਾਤਰ ਕ੍ਰਾਂਤੀ ਤੇ ਫਕੀਰੀ ਦੇ ਦਵੰਦਵਾਦੀ ਰਿਸ਼ਤੇ ਦੀ ਗੱਲ ਕਰਦਾ ਹੈ। ਫਕੀਰੀ ਦੇ ਸਥਾਪਤੀ ਵਿਰੋਧੀ ਫਲਸਫੇ ਦੀ ਗੱਲ ਕਰਦਾ ਹੈ। ਕ੍ਰਾਂਤੀਕਾਰੀ ਦੇ ਫਕੀਰ ਤੇ ਫਕੀਰ ਦੇ ਕ੍ਰਾਂਤੀਕਾਰੀ ਹੋਣ ਦੇ ਸਫ਼ਰ ਵਿਚਲੀ ਬਰੀਕ ਗੱਲ ਸਮਝਾਉਂਦਾ ਹੈ।

ਯਾਦਵਿੰਦਰ ਕਰਫਿਊ ਮੋਬ:95308-95198

ਦਸਤਾਵੇਜ਼ੀ ਫ਼ਿਲਮਸਾਜ਼ ਅਜੈ ਭਾਰਦਵਾਜ ਅੱਜਕੱਲ੍ਹ ਫ਼ਿਲਮਾਂ ਦੇ ਸੰਦਰਭ ‘ਚ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕਲੰਬੀਆ (ਕੈਨੇਡਾ) ‘ਚ ਪੀ ਐਚ ਡੀ ਕਰ ਰਹੇ ਹਨ।